ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਖੇਤੀ ਉੱਪਰ ਅਧਾਰਿਤ ਛੋਟੇ ਉਦਯੋਗ ਲਾਉਣ ਲਈ ਦੋ ਦਿਨ ਦਾ ਸਿਖਲਾਈ ਕੋਰਸ ਲਾਇਆ। ਇਹ ਕੋਰਸ ਨੌਕਰੀ ਕਰ ਰਹੇ ਸਿਖਿਆਰਥੀਆਂ ਲਈ ਸੀ ਜਿਸ ਵਿਚ ਖੇਤੀ ਅਤੇ ਬਾਗਬਾਨੀ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ 28 ਮਾਹਿਰ ਸ਼ਾਮਿਲ ਹੋਏ।
ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਨਵੀਆਂ ਕਾਢਾਂ ਰਾਹੀਂ ਪੇਂਡੂ ਅਰਥਚਾਰੇ ਵਿਚ ਵਿਕਾਸ ਕਰਕੇ ਉਦਯੋਗਾਂ ਦੇ ਵਿਕਾਸ ਦੀ ਲੋੜ ਉੱਪਰ ਜ਼ੋਰ ਦਿੱਤਾ। ਕੋਰਸ ਦੇ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗ ਲਾ ਕੇ ਪੇਂਡੂ ਪਰਿਵਾਰਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀਆਂ ਸੰਭਾਵਨਾਵਾਂ ਵਧਾਉਣ ਦੀ ਗੱਲ ਕਹੀ।
ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਦੇ ਵਿਗਿਆਨੀ ਡਾ. ਐੱਮ ਐੱਸ ਆਲਮ ਨੇ ਸਿਖਿਆਰਥੀਆਂ ਨੂੰ ਵੱਖ-ਵੱਖ ਖੇਤੀ ਪ੍ਰੋਸੈਸਿੰਗ ਕੰਪਲੈਕਸ ਲਾਉਣ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਇਸ ਤਰਾਂ ਖੇਤੀ ਉਤਪਾਦਨ ਦੀ ਸਹੀ ਵਰਤੋਂ ਕਰਕੇ ਆਮਦਨ ਵਧਾਈ ਜਾ ਸਕੇਗੀ। ਡਾ. ਤਰਸੇਮ ਚੰਦ ਮਿੱਤਲ ਨੇ ਹਲਦੀ ਦੀ ਪ੍ਰੋਸੈਸਿੰਗ ਲਈ ਤਕਨਾਲੋਜੀ ਅਤੇ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ।
ਡਾ. ਸਤੀਸ਼ ਕੁਮਾਰ ਨੇ ਫਲਾਂ ਅਤੇ ਸਬਜ਼ੀਆਂ ਦੀ ਸਾਫ ਸਫਾਈ ਅਤੇ ਸੁਕਾ ਕੇ ਭੰਡਾਰ ਕਰਨ ਬਾਰੇ ਦੱਸਿਆ। ਇਸੇ ਤਰਾਂ ਡਾ. ਸੰਧਿਆ ਨੇ ਘਰੇਲੂ ਪੱਧਰ ‘ਤੇ ਤੇਲ ਬੀਜਾਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਅੰਤ ਵਿਚ ਡਾ.ਕਿਰਨ ਗਰੋਵਰ ਨੇ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ।
ਟੀਵੀ ਪੰਜਾਬ ਬਿਊਰੋ