ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨੇ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਵਿਚਾਰ-ਚਰਚਾ ‘ਚ ਭਖ਼ਦੇ ਮੁੱਦਿਆਂ ‘ਤੇ ਕੇਂਦਰਤ ਕਰਦਿਆਂ ਕਿਹਾ ਕਿ ਊਧਮ ਸਿੰਘ, ਵਿਅਕਤੀ ਤੋਂ ਬਦਲੇ ਲੈਣ ਦਾ ਨਹੀਂ ਸਗੋਂ ਇਨਕਲਾਬੀ ਸਮਾਜਕ ਤਬਦੀਲੀ ਰਾਹੀਂ ਦੇਸੀ-ਬਦੇਸੀ ਹਰ ਵੰਨਗੀ ਦੇ ਦਾਬੇ, ਲੁੱਟ, ਅਨਿਆ ਤੋਂ ਮੁਕਤ ਆਜ਼ਾਦ, ਖੁਸ਼ਹਾਲ, ਧਰਮ-ਨਿਰਪੱਖ ਅਤੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਦਾ ਮਾਰਗ-ਦਰਸ਼ਕ ਹੈ।
ਵਿਚਾਰ-ਚਰਚਾ ਦਾ ਆਗਾਜ਼ ਖੜ੍ਹੇ ਹੋ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਾਡੇ ਮੁਲਕ ਅਤੇ ਵਿਸ਼ਵ ਵਿਆਪੀ ਵਰਤਾਰੇ ਨੂੰ ਪ੍ਰਭਾਵਿਤ ਕਰ ਰਹੇ ਕਰੋਨਾ, ਨਵੀਆਂ ਆਰਥਕ ਨੀਤੀਆਂ ਦੀ ਸੰਸਾਰ ਭਰ ਦੇ ਲੋਕਾਂ ‘ਤੇ ਪੈ ਰਹੀ ਮਾਰ ਦਰਸਾਉਂਦੀ ਹੈ ਕਿ ਸੰਸਾਰ ਭਰ ਦੇ ਲੋਕਾਂ ਦੀਆਂ ਆਫ਼ਤਾਂ ਦਾ ਜਿੰਮੇਵਾਰ ਸਾਮਰਾਜੀ ਨਿਜ਼ਾਮ ਹੈ।
ਵਿਜੈ ਬੰਬੇਲੀ ਨੇ ਕਿਹਾ ਕਿ ਊਧਮ ਸਿੰਘ ਦੀ ਇਤਿਹਾਸਕਤਾ ਅਤੇ ਪ੍ਰਸੰਗਕਤਾ ਸਾਨੂੰ ਸਮਾਜਕ ਸਰੋਕਾਰਾਂ ਦੀ ਚੇਤਨਾ ਦਿੰਦੀ ਹੈ। ਊਧਮ ਸਿੰਘ ਦੇ ਸਫ਼ਰ ਦੀਆਂ ਪੈੜਾਂ ਤੋਂ ਸਾਨੂੰ ਰੌਸ਼ਨੀ ਲੈਣ ਦੀ ਲੋੜ ਹੈ। ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਊਧਮ ਸਿੰਘ ਇਤਿਹਾਸ ਦੀਆਂ ਲੜੀਆਂ ਦਾ ਅਜਿਹਾ ਨਾਇਕ ਹੈ ਜੋ ਸਾਡੇ ਭਵਿੱਖ ਦਾ ਚਮਕਦਾ ਸਿਤਾਰਾ ਹੈ। ਉਹਨਾਂ ਨੇ ਇਤਿਹਾਸਕ ਹਵਾਲਿਆਂ ਨਾਲ ਊਧਮ ਸਿੰਘ ਹੋਣ ਦੇ ਅਰਥ ਬਿਆਨ ਕੀਤੇ।
ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਨਾਮ ਰੱਖਣ ਤੋਂ ਵੀ ਊਧਮ ਸਿੰਘ ਦੀ ਵਿਸ਼ਾਲ ਸੋਚ ਦ੍ਰਿਸ਼ਟੀ ਦਾ ਪਤਾ ਲੱਗਦਾ ਹੈ। ਲਾਇਬਰੇਰੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਵੱਲੋਂ ਵਿਚਾਰ-ਚਰਚਾ ‘ਚ ਰੱਖੇ ਮਤੇ ਹੱਥ ਖੜ੍ਹੇ ਕਰਕੇ ਪਾਸ ਕੀਤੇ ਗਏ। ਮਤਿਆਂ ‘ਚ ਮੰਗ ਕੀਤੀ ਗਈ ਕਿ ਸ਼ਹੀਦ ਸੋਹਣ ਲਾਲ ਪਾਠਕ ਦੀ ਪੱਟੀ ‘ਚ ਬਣੀ ਯਾਦਗਾਰ ਦਾ ਮੁਹਾਂਦਰਾ ਵਿਗਾੜਨਾ ਬੰਦ ਕਰਕੇ ਯਾਦਗਾਰ ਦੀ ਸਾਂਭ-ਸੰਭਾਲ ਕੀਤੀ ਜਾਏ।
ਜਲ੍ਹਿਆਂਵਾਲਾ ਬਾਗ਼ ਨੂੰ ਆਮ ਜਨਤਾ ਲਈ ਤੁਰੰਤ ਖੋਲ੍ਹਿਆ ਜਾਏ ਅਤੇ ਉਸਦੀ ਇਤਿਹਾਸਕਤਾ ਦੇ ਮੂਲ ਸਰੂਪ ਨੂੰ ਬਰਕਰਾਰ ਰੱਖਿਆ ਜਾਏ। ਖੇਤੀ ਕਾਨੂੰਨ ਅਤੇ ਕਿਰਤ ਕਾਨੂੰਨਾਂ ‘ਚ ਸੋਧਾਂ ਮੂਲੋਂ ਰੱਦ ਕਰਨ ਦੀ ਕਿਸਾਨ ਮਜ਼ਦੂਰ ਅੰਦੋਲਨ ਦੀ ਹੱਕੀ ਮੰਗ ਪ੍ਰਵਾਨ ਕੀਤੀ ਜਾਏ। ਪੈਗਾਸਸ ਜਾਸੂਸੀ ਕਾਂਡ ਦੀ ਨਿੰਦਾ ਕਰਦਿਆਂ ਪ੍ਰੈਸ ਅਤੇ ਹਰ ਵਿਅਕਤੀ ਦੀ ਨਿੱਜੀ ਆਜ਼ਾਦੀ ਦੀ ਜਾਸੂਸੀ ਕਰਨਾ ਬੰਦ ਕਰਨ ਦੀ ਮੰਗ ਕੀਤੀ ਗਈ।
ਦੇਸ਼ ਧ੍ਰੋਹ ਦੇ ਬਣਾਏ ਕਾਨੂੰਨ ਖ਼ਤਮ ਕੀਤੇ ਜਾਣ ਕਿਉਂਕਿ ਇਹ ਬਰਤਾਨਵੀ ਰਾਜ ਵੇਲੇ ਦੇ ਕਲੰਕਤ ਕਾਨੂੰਨ ਅੱਜ ਵੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਗਲ ਗੂਠਾ ਦੇਣ ਲਈ ਵਰਤੇ ਜਾ ਰਹੇ ਹਨ। ਮੁਲਕ ਭਰ ਦੇ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ ਦੇ ਝੂਠੇ ਕੇਸ ਰੱਦ ਕਰਕੇ ਉਹਨਾਂ ਨੂੰ ਰਿਹਾਅ ਕੀਤਾ ਜਾਏ। ਨਵੀਂ ਸਿੱਖਿਆ ਨੀਤੀ ਦੇ ਨਾਂਅ ਹੇਠ ਸਿੱਖਿਆ ਦਾ ਨਿੱਜੀਕਰਣ ਬੰਦ ਕੀਤਾ ਜਾਏ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਵਿਚਾਰ-ਚਰਚਾ ‘ਤੇ ਸਮੇਟਵੀਂ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਲਈ ਲਾਜ਼ਮੀ ਹੈ ਕਿ ਉਹ ਸਮਾਜਕ ਅਤੇ ਇਤਿਹਾਸਕ ਸਿੱਖਿਆ ਨੂੰ ਅਕਾਦਮਿਕ ਸਿਲੇਬਸ ਦਾ ਹਿੱਸਾ ਬਣਾ ਕੇ ਚੱਲਣ। ਅਜੋਕੇ ਚੁਣੌਤੀਆਂ ਦੇ ਦੌਰ ‘ਚ ਇਹ ਹੋਰ ਵੀ ਜਰੂਰੀ ਹੋ ਗਿਆ ਹੈ। ਵਿਚਾਰ-ਚਰਚਾ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।
ਇਸ ਵਿਚਾਰ-ਚਰਚਾ ‘ਚ ਫੋਟੋ ਜਰਨਿਲਿਸਟ ਦਾਨਿਸ਼ ਸਦੀਕੀ,ਸੋਹਣ ਸਿੰਘ ਜੰਪ ਰੁੜਕਾ ਕਲਾਂ, ਦਰਸ਼ਨ ਸਿੰਘ ਤਾਤਲਾ, ਰਾਜ ਕੁਮਾਰ ਰਾਜਨ ਮਾਹਿਲਪੁਰ, ਪਰਮਾ ਲਾਲ ਕੈਂਥ ਦੇ ਵਿਛੋੜੇ ‘ਤੇ ਪਰਿਵਾਰ ਅਤੇ ਸਾਕ ਸਬੰਧੀਆਂ ਨਾਲ ਦੁੱਖ ‘ਚ ਸ਼ਰੀਕ ਹੁੰਦਿਆਂ ਸ਼ਰਧਾਂਜ਼ਲੀ ਅਰਪਤ ਕੀਤੀ ਗਈ।
ਟੀਵੀ ਪੰਜਾਬ ਬਿਊਰੋ