ਦੱਖਣੀ ਅਫਰੀਕਾ – ਦੱਖਣੀ ਅਫਰੀਕਾ ’ਚ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੇ ਸਮਰਥਕਾਂ ਨੇ ਭਿਆਨਕ ਹਿੰਸਕ ਪ੍ਰਦਰਸ਼ਨ ਕੀਤਾ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਜੈਕਬ ਜੁਮਾ ਨੂੰ ਅਦਾਲਤ ਦੀ ਮਾਣਹਾਨੀ ਦੇ ਦੋਸ਼ ’ਚ ਜੇਲ੍ਹ ਭੇਜਿਆ ਗਿਆ ਹੈ। ਇਹ ਦੰਗੇ-ਪ੍ਰਦਰਸ਼ਨ ਇਸੇ ਗੱਲ ਦੇ ਵਿਰੋਧ ਚ ਹੋ ਰਹੇ ਹਨ। ਹਾਲਾਤ ਦੀ ਭਿਆਨਕਤਾ ਨੂੰ ਦੇਖਦੇ ਹੋਏ ਸਰਕਾਰ ਨੇ ਸੜਕਾਂ ’ਤੇ ਫ਼ੌਜ ਨੂੰ ਤਾਇਨਾਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਹਿੰਸਾ ’ਚ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਵੱਧ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਹ ਹਿੰਸਕ ਪ੍ਰਦਰਸ਼ਨ ਉਸ ਸਮੇਂ ਹੋ ਰਹੇ ਹਨ, ਜਦੋਂ ਸੁਪਰੀਮ ਕੋਰਟ ਨੇ ਜੁਮਾ ਦੀ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ’ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਭ ਦੇ ਉਲਟ ਜੈਕਬ ਜੁੰਮਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜੁਮਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਪੂਰੇ ਦੇਸ਼ ’ਚ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਟਾਇਰ ਸਾੜ ਕੇ ਬੈਰੀਕੇਡਿੰਗ ਲਗਾ ਕੇ ਸੜਕਾਂ ਨੂੰ ਬੰਦ ਕਰ ਦਿੱਤਾ।
ਜੈਕਬ ਜੁਮਾ 2009 ਤੋਂ 2018 ਤਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਨ। ਦਰਅਸਲ, ਉਨ੍ਹਾਂ ਦੇ ਕਾਰਜਕਾਲ ’ਚ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਜਿਸਦੀ ਜਾਂਚ ਦੇ ਸਿਲਸਿਲੇ ’ਚ ਉਨ੍ਹਾਂ ਨੂੰ ਕੋਰਟ ’ਚ ਪੇਸ਼ ਹੋਣਾ ਪਿਆ। ਜੈਕਬ ਜੁਮਾ ਨੂੰ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਿਸਤੋਂ ਬਾਅਦ ਉਨ੍ਹਾਂ ਨੇ ਬੁੱਧਵਾਰ ਨੂੰ ਖ਼ੁਦ ਨੂੰ ਅਧਿਕਾਰੀਆਂ ਨੂੰ ਸੌਂਪ ਦਿੱਤਾ।