ਪੰਜਾਬ ਤੇ ਹਰਿਆਣਾ ’ਚ ਵੱਡੇ ਜਲ ਸੰਕਟ ਦਾ ਖ਼ਤਰਾ, ਭਾਖੜਾ ਡੈਮ ’ਚ ਕਾਫੀ ਘਟਿਆ ਪਾਣੀ, ਬਿਜਲੀ ਉਤਪਾਦਨ ਵੀ ਡਿੱਗਿਆ

FacebookTwitterWhatsAppCopy Link

ਨੰਗਲ-ਭਿਆਨਕ ਗਰਮੀ ਅਤੇ ਮਾਨਸੂਨ ਵਿਚ ਦੇਰੀ ਕਾਰਨ  ਪੰਜਾਬ ਤੇ ਹਰਿਆਣਾ ’ਚ ਵੱਡੇ ਜਲ ਸੰਕਟ ਦਾ ਖਤਰਾ ਮੰਡਰਾ ਰਿਹਾ ਹੈ। ਇਸ ਕਾਰਨ ਭਾਖੜਾ ਡੈਮ ’ਚ ਪਾਣੀ ਲਗਾਤਾਰ ਘਟ ਰਿਹਾ ਹੈ। ਭਾਖੜਾ ਬੰਨ੍ਹ ਦਾ ਪਾਣੀ ਪੱਧਰ 54.96 ਫੁੱਟ ਘੱਟ ਹੋ ਚੁੱਕਿਆ ਹੈ। ਭਾਖੜਾ ਡੈਮ ਦੀ ਆਮ ਜਲ ਭੰਡਾਰਨ ਸਮਰੱਥਾ 1680 ਫੁੱਟ ਹੈ।

ਇਸ ਕਾਰਨ ਹੀ ਡੈਮ ਦੇ ਪਾਵਰ ਪਲਾਂਟ ’ਚ ਬਿਜਲੀ ਦਾ ਉਤਪਾਦਨ ਵੀ ਘੱਟ ਹੋ ਗਿਆ ਹੈ। ਇਸ ਦੇ ਨਾਲ ਨਾਲ ਹਿਮਾਚਲ ਤੋਂ ਆਉਣ ਵਾਲੀ ਸਤਲੁਜ, ਬਿਆਸ ਤੇ ਰਾਵੀ ਨਦੀਆਂ ਤੋਂ ਇਸ ਵਾਰ ਪਾਣੀ ਦੀ ਆਮਦ ’ਚ ਕਮੀ ਬਰਕਰਾਰ ਹੈ। ਇਸ ਕਾਰਨ ਪੰਜਾਬ ਦੇ ਵਿੱਚ ਜਲ ਸੰਕਟ ਦਾ ਖ਼ਤਰਾ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਜ਼ਮੀਨਦੋਜ਼ ਪਾਣੀ ਹੋਰ ਵੀ ਡੂੰਘਾ ਜਾਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ।

ਡੈਮ ਵਿਚ 54.96 ਫੁੱਟ ਘਟਿਆ ਪਾਣੀ ਦਾ ਪੱਧਰ

ਇਸ ਸਾਲ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1535.24 ਫੁੱਟ ਹੈ, ਜਦੋਂਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੌਰਾਨ ਪਾਣੀ ਦਾ ਪੱਧਰ 1590.20 ਫੁੱਟ ਸੀ। ਕਰੀਬ ਇਕ ਹਫ਼ਤੇ ’ਚ ਪਹਿਲਾਂ ਪਾਣੀ ਦੀ ਆਮਦ ’ਚ ਲਗਪਗ ਕਰੀਬ 25000 ਕਿਊਸਿਕ ਤਕ ਦੀ ਕਮੀ ਆ ਚੁੱਕੀ ਸੀ। ਗਨੀਮਤ ਦੀ ਗੱਲ ਇਹ ਹੈ ਪਿਛਲੇ ਦੋ ਦਿਨਾਂ ਤੋਂ ਹਿਮਾਚਲ ’ਚ ਹੋਈ ਬਾਰਸ਼ ਕਾਰਨ ਆਮਦ ਦਾ ਗ੍ਰਾਫ਼ 40118 ਕਿਊਸਿਕ ਤਕ ਪਹੁੰਚ ਗਿਆ ਹੈ। ਫਿਰ ਵੀ ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦੀ ਆਮਦ 42429 ਕਿਊਸਿਕ ਸੀ।

ਡੈਮ ’ਚ ਪਾਣੀ ਦੇ ਜ਼ਰੂਰੀ ਪੱਧਰ ਨੂੰ ਪੂਰਾ ਰੱਖਣ ਲਈ ਇਸ ਸਮੇਂ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਅਜੇ ਡੈਮ ਤੋਂ ਕਰੀਬ 32183 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ ਸਾਲ ਪਾਣੀ 30080 ਕਿਊਸਿਕ ਤਕ ਛੱਡਿਆ ਜਾ ਰਿਹਾ ਸੀ। ਪਾਣੀ ਘੱਟ ਛੱਡੇ ਜਾਣ ਕਾਰਨ ਹੀ ਭਾਖੜਾ ਡੈਮ ਦੇ ਪਾਵਰ ਪਲਾਂਟਾਂ ਤੋਂ ਬਿਜਲੀ ਦਾ ਉਤਪਾਦਨ ਘੱਟ ਹੋ ਚੁੱਕਿਆ ਹੈ।

ਬਿਜਲੀ ਦਾ ਉਤਪਾਦਨ ਵੀ ਹੋਇਆ ਘੱਟ

ਬੀਬੀਐੱਮਬੀ ਦੇ ਕੰਟਰੋਲ ਰੂਮ ’ਚ ਸ਼ੁੱਕਰਵਾਰ ਤੜਕੇ ਛੇ ਵਜੇ ਦੇ ਦਰਜ ਅੰਕੜਿਆਂ ਅਨੁਸਾਰ, 24 ਘੰਟਿਆਂ ’ਚ ਬਿਜਲੀ ਦਾ ਉਤਪਾਦਲ 197.44 ਲੱਖ ਯੂਨਿਟ ਕੀਤਾ ਗਿਆ ਹੈ। ਪਿਛਲੇ ਸਾਲ ਬਿਜਲੀ ਉਤਪਾਦਨ ਦਾ ਇਹ ਗ੍ਰਾਫ਼ 213.09 ਲੱਖ ਯੂਨਿਟ ਸੀ। ਕਿਹਾ ਜਾ ਸਕਦਾ ਹੈ ਕਿ ਪਾਣੀ ਦੀ ਆਮਦ ਘੱਟ ਹੋਣ ਕਾਰਨ ਹੀ 24 ਘੰਟਿਆਂ ਦੌਰਾਨ ਬਿਜਲੀ ਉਤਪਾਦਨ ਪਿਛਲੇ ਸਾਲ ਦੀ ਤੁਲਨਾ ’ਚ 16.65 ਲੱਖ ਯੂਨਿਟ ਘੱਟ ਹੋ ਸਕਿਆ ਹੈ।

ਟੀਵੀ ਪੰਜਾਬ ਬਿਊਰੋ