Vancouver –ਇਕ ਪਾਸੇ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਕਿ 9 ਅਗਸਤ ਤੋਂ ਦੋ ਟੀਕੇ ਲਗਵਾ ਚੁੱਕੇ ਅਮਰੀਕਾ ਵਾਸੀ ਕੈਨੇਡਾ ‘ਚ ਦਾਖ਼ਲ ਹੋ ਸਕਦੇ ਹਨ। ਦੂਜੇ ਪਾਸੇ ਕੈਨੇਡਾ ਦੇ ਹਜ਼ਾਰਾਂ ਬਾਰਡਰ ਅਧਿਕਾਰੀਆਂ ਨੇ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਬਾਰਡਰ ਅਧਿਕਾਰੀਆਂ ਦੇ ਇਸ ਐਲਾਨ ਦਾ ਅਸਰ ਰਿਉਪਨਿੰਗ ‘ਤੇ ਪੈ ਸਕਦਾ ਹੈ। ਦੋ ਯੂਨੀਅਨਾਂ, ਜੋ ਕੈਨੇਡਾ ਬੌਰਡਰ ਸਰਵਿਸੇਜ਼ ਏਜੰਸੀ ਦੇ 8500 ਤੋਂ ਵੱਧ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀਆਂ ਹਨ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਵੱਡੀ ਗਿਣਤੀ ਮੁਲਾਜ਼ਮ ਹੜਤਾਲ ‘ਤੇ ਜਾ ਰਹੇ ਹਨ ।
ਪਬਲਿਕ ਸਰਵਿਸ ਅਲਾਇੰਸ ਔਫ ਕੈਨੇਡਾ ਅਤੇ ਕਸਟਮਜ਼ ਐਂਡ ਇਮੀਗ੍ਰੇਸ਼ਨ ਯੂਨੀਅਨ ਨੇ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ 6 ਅਗਸਤ ਤੋਂ ਬਾਰਡਰ ਅਧਿਕਾਰੀਆਂ ਵੱਲੋਂ ਹੜਤਾਲ ਕੀਤੀ ਜਾਵੇਗੀ । ਇਸ
ਹੜਤਾਲ ਦਾ ਅਸਰ ਕੈਨੇਡਾ ਬੌਰਡਰ ਉੱਤੇ ਵਪਾਰਿਕ ਗਤੀਵਿਧੀਆਂ ‘ਤੇ ਵੀ ਪੈਣ ਵਾਲਾ ਹੈ।
ਯੂਨੀਅਨ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਹੈ ਕਿ ਅਧਿਕਾਰੀ ਹੜਤਾਲ ਕਿਉ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੂਨ 2018 ਤੋਂ ਯੂਨੀਅਨ ਦੇ ਮੈਂਬਰ ਬਿਨਾ ਕਿਸੇ ਕੰਟ੍ਰੈਕਟ ਦੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦੀਆਂ ਹੋਰ ਵੀ ਕਾਫ਼ੀ ਮੰਗਾ ਹਨ ਜਿਨ੍ਹਾਂ ਨੂੰ ਲੈ ਕੇ ਉਹ ਹੜਤਾਲ ਕਰਨ ਜਾ ਰਹੇ ਹਨ।
ਇਕ ਪਾਸੇ 9 ਅਗਸਤ ਤੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ ਤੇ ਦੂਜੇ ਪਾਸੇ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ।