ਜਲੰਧਰ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ਉਤੇ ਸਿੰਘੂ, ਟਿਕਰੀ ਅਤੇ ਗ਼ਾਜ਼ੀਪੁਰ ਬਾਰਡਰਾਂ ਵਿਖੇ ਪਿਛਲੇ ਸੱਤ ਮਹੀਨੇ ਤੋਂ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਲੋਕ ਵਿਰੋਧੀ ਤਿੰਨੇ ਕੇਂਦਰੀ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿਚ 26 ਜੂਨ, 2021 ਨੂੰ ‘ਖੇਤੀ ਬਚਾਉ- ਲੋਕਤੰਤਰ ਬਚਾਉ’ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਸਾਰੀਆਂ ਅਵਾਮੀ ਜਥੇਬੰਦੀਆਂ ਨੂੰ ਵੀ ਵੱਧ-ਚੜ੍ਹ ਕੇ ਹਿਸਾ ਲੈਣ ਦੀ ਅਪੀਲ ਕੀਤੀ ਹੈ। ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਯੂਨੀਅਨਾਂ / ਜਥੇਬੰਦੀਆਂ 26 ਜੂਨ 2021 ਨੂੰ ਕ੍ਰਮਵਾਰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਸਵੇਰੇ 10 ਵਜੇ ਇਕੱਤਰ ਹੋ ਕੇ ਚੰਡੀਗੜ੍ਹ ਸਥਿਤ ਰਾਜ ਭਵਨ ਵੱਲ ਕੂਚ ਕਰਨਗੀਆਂ ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਮੂਹ ਦੇਸ਼ ਵਾਸੀਆਂ, ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਤੇ ਰੰਗਕਰਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਤੋਂ 26 ਜੂਨ 2021 ਨੂੰ ਕ੍ਰਮਵਾਰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਸਵੇਰੇ 10 ਵਜੇ ਇਕੱਤਰ ਹੋਣ। ਉਨ੍ਹਾਂ ਕਿਹਾ ਅਹੁਦੇਦਾਰ, ਕਾਰਜਕਾਰਨੀ ਮੈਂਬਰ, ਜ਼ੋਨ ਕਨਵੀਨਰ ਅਤੇ ਕੇਂਦਰੀ ਸਭਾ ਨਾਲ ਸਬੰਧਤ ਸਾਰੀਆਂ ਸਾਹਿਤ ਸਭਾਵਾਂ ਦੇ ਪ੍ਰਤੀਨਿਧ / ਮੈਂਬਰ ਉਪਰੋਕਤ ਸ਼ਾਂਤਮਈ ਰੋਸ ਧਰਨੇ ਅਤੇ ਮਾਰਚ ਵਿਚ ਜ਼ਰੂਰ ਸ਼ਿਰਕਤ ਕਰਨ। ਉਨ੍ਹਾਂ ਕਿਹਾ ਸਾਰੇ ਸਾਥੀ ਧਰਨੇ ਦੌਰਾਨ ਮਾਸਿਕ ਪਾਕੇ ਆਉਣਾ, ਸੈਨੇਟਾਇਜਰ ਨਾਲ ਲੈਕੇ ਆਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।