ਨਵੀਂ ਦਿੱਲੀ : ਤਾਲਿਬਾਨ ਦੇ ਲੜਾਕੂਆਂ ਨੇ ਅਫਗਾਨਿਸਤਾਨ ਦੇ ਦੱਖਣੀ ਸ਼ਹਿਰ ਦੇ ਆਸ ਪਾਸ ਅਹਿਮ ਖੇਤਰਾਂ ‘ਤੇ ਕਬਜ਼ਾ ਕਰਨ ਦੇ ਦਾਅਵੇ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਭਾਰਤੀ ਹਵਾਈ ਸੈਨਾ ਦੇ ਇਕ ਜਹਾਜ਼ ਵਿਚ ਕੰਧਾਰ ਦੇ ਕੌਂਸਲੇਟ ਤੋਂ ਡਿਪਲੋਮੈਟਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਕੰਧਾਰ ਦੇ ਕੌਂਸਲੇਟ ਤੋਂ ਭਾਰਤੀ ਡਿਪਲੋਮੈਟਾਂ ਅਤੇ ਗੈਰ-ਕੂਟਨੀਤਕਾਂ ਨੂੰ ਕੱਢਣ ਲਈ ਵਿਸ਼ੇਸ਼ ਜਹਾਜ਼ ਦੀ ਵਰਤੋਂ ਕੀਤੀ ਗਈ ਸੀ। ਸਾਰੇ ਭਾਰਤੀਆਂ ਨੂੰ ਬੀਤੀ ਰਾਤ ਹੀ ਘਰ ਲਿਆਂਦਾ ਗਿਆ। ਸੂਤਰਾਂ ਅਨੁਸਾਰ ਇਸ ਉਡਾਣ ਨੂੰ ਚਲਾਉਣ ਲਈ ਵਿਸ਼ੇਸ਼ ਆਗਿਆ ਪ੍ਰਾਪਤ ਕੀਤੀ ਗਈ ਸੀ। ਇਕ ਬਿਆਨ ਜਾਰੀ ਕਰਕੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਭਾਰਤ ਇਕ ਦੋਸਤਾਨਾ ਦੇਸ਼ ਹੋਣ ਕਰਕੇ ਅਫਗਾਨਿਸਤਾਨ ਵਿਚ ਸ਼ਾਂਤੀ, ਸਦਭਾਵਨਾ ਅਤੇ ਪ੍ਰਭੂਸੱਤਾ ਦੀ ਬਹਾਲੀ ਲਈ ਯਤਨਸ਼ੀਲ ਰਹੇਗਾ।
ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਅਫਗਾਨਿਸਤਾਨ ਵਿਚ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਦੂਤਾਵਾਸ ਨੂੰ ਖਾਲੀ ਕਰ ਦਿੱਤਾ ਹੈ ਜਦੋਂਕਿ ਭਾਰਤ ਨੇ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਕਾਬੁਲ ਵਿਚ ਮਿਸ਼ਨ ਸੈਂਟਰ ਅਤੇ ਕੰਧਾਰ ਅਤੇ ਮਜ਼ਾਰ-ਏ-ਸ਼ਰੀਫ ਸ਼ਹਿਰਾਂ ਵਿਚਲੇ ਕੌਂਸਲੇਟਾਂ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਸੀ ਕਿ ਭਾਰਤ ਅਫਗਾਨਿਸਤਾਨ ਵਿਚ ਵਿਗੜਦੀ ਸੁਰੱਖਿਆ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਇਹ ਯਕੀਨੀ ਕਰਨ ਲਈ ਸਾਰੇ ਕਦਮ ਉਠਾਏਗਾ ਕਿ ਭਾਰਤੀ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚੇ।
ਟੀਵੀ ਪੰਜਾਬ ਬਿਊਰੋ