ਪੀ.ਏ.ਯੂ. ਨੇ ਕਿਸਾਨਾਂ ਰਾਹੀਂ ਖੇਤੀ ਪਸਾਰ ਸਿੱਖਿਆ ਬਾਰੇ ਵੈਬੀਨਾਰ ਕਰਵਾਇਆ

FacebookTwitterWhatsAppCopy Link

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਅਤੇ ਸੰਚਾਰ ਕੇਂਦਰ ਨੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਵੈਬੀਨਾਰ ਕਰਵਾਇਆ । ਇਸ ਵੈਬੀਨਾਰ ਵਿਚ ਮੁੱਖ ਭਾਸ਼ਣ ਕਰਤਾ ਵਜੋਂ ਭਾਰਤੀ ਖੇਤੀ ਖੋਜ ਕੌਂਸਲ ਨਵੀਂ ਦਿੱਲੀ ਦੇ ਪਸਾਰ ਮਾਹਿਰ ਡਾ. ਐੱਨ ਬੀ ਕੁੰਭਾਰੇ ਸ਼ਾਮਿਲ ਹੋਏ । ਡਾ. ਕੁੰਭਾਰੇ ਨੇ ਕਿਹਾ ਕਿ ਪਿਛਲੇ 60 ਸਾਲਾਂ ਦੌਰਾਨ ਪਸਾਰ ਸਿੱਖਿਆ ਦਾ ਮੁੱਖ ਉਦੇਸ਼ ਉਤਪਾਦਨ ਕਰਨਾ ਰਿਹਾ ਹੈ । 2019-20 ਤੱਕ ਕੁੱਲ ਅਨਾਜ ਉਤਪਾਦਨ 50.82 ਮਿਲੀਅਨ ਟਨ ਤੋਂ ਹੁਣ 295.67 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ । 70% ਤੋਂ ਵਧੇਰੇ ਕਿਸਾਨ ਹਾਸ਼ੀਆਗਤ ਹਨ । ਡਾ. ਕੁੰਭਾਰੇ ਨੇ ਕਿਹਾ ਕਿ ਇਸ ਤੋਂ ਇਲਾਵਾ ਲਾਗਤ ਕੀਮਤਾਂ ਵਿੱਚ ਵਾਧਾ, ਕਾਸ਼ਤ ਮੁੱਲ ਦਾ ਵਧਣਾ, ਘੱਟ ਉਤਪਾਦਨ ਆਦਿ ਚੁਣੌਤੀਆਂ ਖੇਤੀਬਾੜੀ ਖੇਤਰ ਵਿੱਚ ਸਾਹਮਣੇ ਆਈਆਂ ਹਨ ।

ਕਿਸਾਨਾਂ ਤੋਂ ਕਿਸਾਨਾਂ ਤੱਕ ਖੇਤੀ ਜਾਗਰੂਕਤਾ ਦਾ ਪਸਾਰ ਕਰਨ ਦੀ ਤਕਨੀਕ ਅਗਾਂਹਵਧੂ ਕਿਸਾਨਾਂ ਨੂੰ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਨਾਉਂਦੀ ਹੈ । ਇਸ ਤਰਾਂ ਸਿਖਲਾਈਆਂ ਅਤੇ ਸੈਮੀਨਾਰਾਂ ਰਾਹੀਂ ਦੂਜੇ ਕਿਸਾਨਾਂ ਤੱਕ ਖੇਤੀ ਤਕਨੀਕਾਂ ਦਾ ਪਸਾਰ ਕਰਾਨ ਲਾਜ਼ਮੀ ਬਣ ਜਾਂਦਾ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਮਾਹਲ ਨੇ ਕਿਹਾ ਕਿ ਕਿਸਾਨਾਂ ਤੋਂ ਦੂਜੇ ਕਿਸਾਨਾਂ ਤੱਕ ਪਸਾਰ ਗਤੀਵਿਧੀਆਂ ਦੀ ਮਹੱਤਵਪੂਰਨ ਥਾਂ ਹੈ । ਇਸ ਤਕਨਾਲੋਜੀ ਨੂੰ ਲਗਾਤਾਰ ਵਿਕਸਿਤ ਕਰਨ ਦੀ ਲੋੜ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੀ.ਏ.ਯੂ. ਕਿਸਾਨ ਕਲੱਬ ਨਾਲ 700 ਤੋਂ ਵਧੇਰੇ ਅਗਾਂਹਵਧੂ ਕਿਸਾਨ ਮੈਂਬਰਾਂ ਵਜੋਂ ਜੁੜੇ ਹੋਏ ਹਨ ਜੋ ਪੀ.ਏ.ਯੂ. ਦੀਆਂ ਉਤਪਾਦਨ ਤਕਨੀਕਾਂ ਅਤੇ ਸਿਫ਼ਾਰਸ਼ਾਂ ਨੂੰ ਹੋਰ ਕਿਸਾਨਾਂ ਤੱਕ ਪ੍ਰਸਾਰਿਤ ਕਰਦੇ ਹਨ ।

ਕੇ.ਵੀ.ਕੇ. ਮੋਗਾ ਦੇ ਉਪ ਨਿਰਦੇਸ਼ਕ ਡਾ. ਅਮਨਦੀਪ ਬਰਾੜ ਅਤੇ ਸੰਗਰੂਰ ਕੇ.ਵੀ.ਕੇ. ਦੇ ਡਾ. ਮਨਦੀਪ ਸਿੰਘ ਨੇ ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਵੱਲੋਂ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਅਨੁਭਵ ਸਾਂਝੇ ਕੀਤੇ । ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ । ਕੁਝ ਕਿਸਾਨਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਜਿਨਾਂ ਵਿੱਚ ਸਰਵਣ ਸਿੰਘ ਚੰਦੀ ਅਤੇ ਜਗਜੀਵਨ ਸਿੰਘ ਪ੍ਰਮੁੱਖ ਹਨ।

ਟੀਵੀ ਪੰਜਾਬ ਬਿਊਰੋ