ਲਖਨਊ : ਉਤਰ ਪ੍ਰਦੇਸ ਦੀ ਰਾਜਧਾਨੀ ਲਖਨਊ ਵਿਚ ਯੂ.ਪੀ. ਏ.ਟੀ.ਐਸ. ਨੇ ਵੱਡੇ ਅਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਜਿਸ ਵਿਚ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦਾ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਸਬੰਧ ਹੋਣ ਦਾ ਸ਼ੱਕ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਲਖਨਊ ਦੇ ਕਾਕੋਰੀ ਇਲਾਕੇ ਵਿਚੋਂ ਹੋਈ ਹੈ। ਅੱਤਵਾਦ ਰੋਕੂ ਦਸਤੇ (ਏਟੀਐਸ) ਨੇ ਕਾਕੋਰੀ ਇਲਾਕੇ ਵਿਚ ਇਕ ਵੱਡਾ ਅਭਿਆਨ ਚਲਾਇਆ । ਪੁਲਿਸ ਅਤੇ ਏਟੀਐਸ ਨੂੰ ਇਕ ਘਰ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ।
ਯੂਪੀ ਪੁਲਿਸ ਅਤੇ ਏਟੀਐੱਸ ਦੀ ਟੀਮ ਨੇ ਇਸ ਘਰ ਨੂੰ ਘੇਰ ਲਿਆ ਤੇ ਦੋ ਸ਼ੱਕੀ ਵਿਅਕਤੀਆਂ ਨੂੰ ਫੜ ਲਿਆ ਹੈ। ਦੋਵੇਂ ਸ਼ੱਕੀ ਵਿਅਕਤੀਆਂ ਦੇ ਅੱਤਵਾਦੀ ਹੋਣ ਦਾ ਸ਼ੱਕ ਹੈ। ਦੋਵੇਂ ਅਲ ਕਾਇਦਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਖਬਰਾਂ ਅਨੁਸਾਰ, ਉਥੇ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਵੀ ਸੰਭਾਵਨਾ ਹੈ। ਦੋਵਾਂ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨੇੜਲੇ ਮਕਾਨ ਖਾਲੀ ਕਰਵਾ ਲਏ ਗਏ ਹਨ।
ਉਨ੍ਹਾਂ ਲੋਕਾਂ ਤੋਂ ਇਹ ਵੀ ਪੁੱਛਗਿੱਛ ਕੀਤੀ ਗਈ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਕਿਸ ਕਿਸਮ ਦੀ ਗਤੀਵਿਧੀ ਵੇਖੀ ਗਈ ਹੈ। ਸ਼ੱਕੀ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਵਿਸਫੋਟਕ ਵੀ ਬਰਾਮਦ ਕੀਤੇ ਗਏ। ਏਟੀਐਸ ਨੇ ਇਸ ਘਰ ਤੋਂ ਦੋ ਪ੍ਰੈਸ਼ਰ ਕੂਕਰ ਬੰਬ ਅਤੇ ਦੇਸੀ ਟਾਈਮ ਬੰਬ ਬਰਾਮਦ ਕੀਤੇ ਹਨ। ਉਨ੍ਹਾਂ ਦੀ ਯੋਜਨਾ ਲਖਨਊ ਵਿਚ ਬੰਬ ਧਮਾਕੇ ਕਰਨ ਦੀ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਅਤੇ ਸੰਗਠਨ ਦੇ ਜਨਰਲ ਸਕੱਤਰ ਸੁਨੀਲ ਬਾਂਸਲ ਨਿਸ਼ਾਨੇ ‘ਤੇ ਸਨ।
ਜਮਾਤ-ਉਲ-ਮੁਜ਼ਾਹਦੀਨ ਦੇ ਤਿੰਨ ਅੱਤਵਾਦੀ ਕਾਬੂ
ਕੋਲਕਾਤਾ ਪੁਲਿਸ ਦੇ ਵਿਸ਼ੇਸ਼ ਕਾਰਵਾਈ ਦਸਤੇ ਵੱਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਜਮਾਤ-ਉਲ-ਮੁਜ਼ਾਹਦੀਨ ਬੰਗਲਾਦੇਸ਼ ਦੇ ਤਿੰਨ ਅੱਤਵਾਦੀਆਂ ਨੂੰ ਕਾਬੂ ਕੀਤਾ ਗਿਆ ਹੈ। ਜੋ ਪੱਛਮੀ ਬੰਗਾਲ ਵਿਚ ਵੱਡੀ ਗੜਬੜੀ ਕਰਨ ਦਾ ਤਾਕ ਵਿਚ ਸਨ।
ਟੀਵੀ ਪੰਜਾਬ ਬਿਊਰੋ