Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ ਹੀ ਦਿਨ ਬਾਰਡਰ ’ਤੇ ਲੰਬੀਆਂ ਕਤਾਰਾਂ ਨਜ਼ਰ ਆਈਆਂ। ਇਸ ਕਾਰਨ ਯਾਤਰੀਆਂ ਨੂੰ ਬਾਰਡਰ ’ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਕਨੇਡੀਅਨ ਯਾਤਰੀਆਂ ਲਈ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਸ਼ਰਤ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ।
ਕੈਨੇਡਾ ਦਾਖ਼ਲ ਹੋਣ ਵਾਲੇ ਯਾਤਰੀਆਂ ਵਾਸਤੇ ਕੁੱਝ ਸ਼ਰਤਾਂ ਹਨ।
ਪਹਿਲੀ ਸ਼ਰਤ ਹੈ ਕਿ ਕੈਨੇਡਾ ਆਉਣ ਵਾਲੇ ਅਮਰੀਕੀ ਯਾਤਰੀ ਪੂਰੀ ਤਰ੍ਹਾਂ ਵੈਸਕੀਨੇਟ ਹੋਣੇ ਚਾਹੀਦੇ ਹਨ। ਇਨ੍ਹਾਂ ਯਾਤਰੀਆਂ ਦੇ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ।ਇਨ੍ਹਾਂ ਅਮਰੀਕੀ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟਿਆਂ ਪਹਿਲਾਂ ArriveCan ਐਪ ਵਿਚ ਆਪਣੀ ਵੈਕਸੀਨੇਸ਼ਨ ਦਾ ਸਬੂਤ ਅਪਲੋਡ ਕਰਨਾ ਵੀ ਜ਼ਰੂਰੀ ਹੈ। ਯਾਤਰੀਆਂ ਕੋਲ ਕੈਨੇਡਾ ਆਉਣ ਤੋਂ ਘੱਟੋ ਘੱਟ 72 ਘੰਟਿਆਂ ਪਹਿਲਾਂ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਹੋਣੀ ਵੀ ਜ਼ਰੂਰੀ ਹੋਵੇਗੀ।
12 ਸਾਲ ਤੋਂ ਘੱਟ ਉਮਰ ਦੇ ਬਿਨਾ ਵੈਕਸਿਨੇਟ ਹੋਏ ਬੱਚਿਆਂ ਨੂੰ ਵੀ ਆਪਣੇ ਪੂਰੀ ਤਰ੍ਹਾਂ ਵੈਕਸਿਨੇਟ ਹੋਏ ਮਾਪਿਆਂ ਨਾਲ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਕੈਨੇਡਾ ਅਤੇ ਯੂ ਐਸ ਵਿਚ ਫਿਲਹਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਮਨਜ਼ੂਰ ਨਹੀਂ ਕੀਤੀ ਗਈ ਹੈ। ਪਰ 12 ਸਾਲ ਤੋਂ ਵੱਧ ਉਮਰ ਦੇ ਬਿਨਾ ਕੋਵਿਡ ਟੀਕੇ ਵਾਲੇ ਬੱਚਿਆਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਵੇਗੀ।