ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸੰਕਟ ਸਬੰਧੀ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਦਾ ਬਿੱਲ ਲੰਬੇ ਸਮੇਂ ਤੋਂ ਅਦਾ ਨਹੀਂ ਕੀਤਾ।ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਬਿਜਲੀ ਦੇ ਸੰਕਟ ‘ਤੇ ਸਵਾਲ ਖੜੇ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਦਾ ਬਿੱਲ ਲੰਬੇ ਸਮੇਂ ਤੋਂ ਅਦਾ ਨਹੀਂ ਕੀਤਾ।
ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਨੌਂ ਮਹੀਨਿਆਂ ਤੋਂ ਆਪਣੇ ਘਰ ਦਾ ਬਿੱਲ ਅਦਾ ਨਹੀਂ ਕੀਤਾ ਹੈ। ਉਨ੍ਹਾਂ ‘ਤੇ ਕੁਲ 8 ਲੱਖ 67 ਹਜ਼ਾਰ ਅਤੇ 540 ਰੁਪਏ ਬਕਾਇਆ ਹੈ। ਇਕ ਪਾਸੇ ਨਵਜੋਤ ਸਿੰਘ ਸਿੱਧੂ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਅਤੇ ਪਿਛਲੀ ਅਕਾਲੀ ਸਰਕਾਰ ਦਾ ਘਿਰਾਓ ਕਰ ਰਹੇ ਹਨ ਪਰ ਹੁਣ ਜਦੋਂ ਉਨ੍ਹਾਂ ਦੇ ਬਿਜਲੀ ਬਿੱਲ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ, ਤਾਂ ਉਨ੍ਹਾਂ ‘ਤੇ ਵੀ ਸਵਾਲ ਖੜੇ ਹੋ ਰਹੇ ਹਨ।
ਸਿੱਧੂ ਨੇ ਕੈਪਟਨ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਦਰਅਸਲ ਸ਼ੁੱਕਰਵਾਰ ਦੁਪਹਿਰ ਨੂੰ ਨਵਜੋਤ ਸਿੰਘ ਸਿੱਧੂ ਨੇ ਇਕੋ ਸਮੇਂ ਕਈ ਟਵੀਟ ਕੀਤੇ। ਇਸ ਦੌਰਾਨ ਉਨ੍ਹਾਂ ਪਿਛਲੀ ਸਰਕਾਰ ਵੱਲੋਂ ਕੀਤੇ ਸੌਦਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਪੰਜਾਬ ਵਿਚ ਚੱਲ ਰਹੇ ਬਿਜਲੀ ਸੰਕਟ ਸਬੰਧੀ ਪੰਜਾਬ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਉਠਾਏ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਇਸ ਸਮੇਂ ਕੌਮੀ ਔਸਤ ਨਾਲੋਂ ਮਹਿੰਗੇ ਰੇਟਾਂ ‘ਤੇ ਬਿਜਲੀ ਲੈ ਰਿਹਾ ਹੈ, ਜਦੋਂ ਕਿ ਸਹੀ ਨੀਤੀ ਦੀ ਪਾਲਣਾ ਕੀਤੀ ਜਾਵੇ ਤਾਂ ਸੂਬੇ ਵਿਚ 24 ਘੰਟੇ ਬਿਜਲੀ ਦਿੱਤੀ ਜਾ ਸਕਦੀ ਹੈ ਅਤੇ 300 ਯੂਨਿਟ ਤੱਕ ਦੀ ਬਿਜਲੀ ‘ਤੇ ਵੀ ਸਬਸਿਡੀ ਦਿੱਤੀ ਜਾ ਸਕਦੀ ਹੈ।
ਕਰੋੜਾਂ ਦੇ ਮਾਲਕ ਹਨ ਨਵਜੋਤ ਸਿੰਘ ਸਿੱਧੂ
2017 ਦੀਆਂ ਪੰਜਾਬ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਾਇਰ ਹਲਫਨਾਮੇ ਮੁਤਾਬਕ ਉਨ੍ਹਾਂ ਕੋਲ 45.90 ਕਰੋੜ ਦੀ ਦੌਲਤ ਹੈ। ਦੂਜੇ ਪਾਸੇ ਜੇ ਅਸੀਂ ਲਾਈਬਿਲਟੀ ਦੀ ਗੱਲ ਕਰੀਏ, ਤਾਂ ਇਹ ਲਗਪਗ 54 ਲੱਖ ਦੀ ਹੈ। ਜੇ ਨਕਦ ਦੀ ਗੱਲ ਕਰੀਏ, ਏਡੀਆਰ ਦੀ ਰਿਪੋਰਟ ਮੁਤਾਬਕ, ਉਨ੍ਹਾਂ ਕੋਲ ਕਰੀਬ 4.80 ਲੱਖ ਰੁਪਏ ਦੀ ਨਕਦੀ ਹੈ। 2017 ਦੀਆਂ ਪੰਜਾਬ ਚੋਣਾਂ ਲਈ ਦਾਖਲ ਹਲਫਨਾਮੇ ਮੁਤਾਕਬ ਨਵਜੋਤ ਸਿੰਘ ਸਿੱਧੂ ਦਾ ਖਾਤਾ ਦੇਸ਼ ਦੇ 7 ਵੱਡੇ ਬੈਂਕਾਂ ਵਿਚ ਹੈ। ਇਸ ਵਿਚ ਐਸਬੀਆਈ, ਪੰਜਾਬ ਨੈਸ਼ਨਲ ਬੈਂਕ, ਐਚਡੀਐਫਸੀ ਬੈਂਕ, ਓਬੀਸੀ ਬੈਂਕ, ਆਈਸੀਆਈਸੀ ਆਈ ਬੈਂਕ ਅਤੇ ਸਿਟੀ ਬੈਂਕ ਅਤੇ ਸਟੇਟ ਬੈਂਕ ਆਫ਼ ਪਟਿਆਲਾ ਸ਼ਾਮਲ ਹਨ। ਬੈਂਕਾਂ ਵਿਚ ਜਮ੍ਹਾ ਹੋਈ ਰਕਮ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਦੇ ਇਨ੍ਹਾਂ ਖਾਤਿਆਂ ਵਿਚ ਤਕਰੀਬਨ 1,84,54,497 ਰੁਪਏ ਜਮ੍ਹਾ ਹਨ।
ਕੁਲਵਿੰਦਰ ਮਾਹੀ